ਕੁਦਰਤ ਨੂੰ ਵਾਚਣਾ ਮੇਰਾ ਸਭ ਤੋਂ ਚਹੇਤਾ ਕੰਮ ਹੈ। ਖਿੜੇ ਫੁੱਲ ਹੋਣ ਜਾਂ ਮੁਰਝਾਏ ਹੋਏ, ਉੱਗਦੇ ਬੂਟੇ ਹੋਣ ਜਾਂ ਉੱਚੇ-ਲੰਮੇ ਬਿਰਖ, ਛੋਟੀ ਜਿਹੀ ਘਰੇਲੂ ਬਗ਼ੀਚੀ ਹੋਵੇ ਜਾਂ ਸੁੰਦਰ-ਵੱਡੇ ਬਾਗ਼-ਬਗ਼ੀਚੇ, ਇਹਨਾਂ ਨੂੰ ਵੇਖਦੇ ਰਹਿਣਾ ਜਾਂ ਤਸਵੀਰਾਂ ਖਿੱਚਣਾ ਮੈਨੂੰ ਬਹੁਤ ਹੀ ਖੁਸ਼ੀ ਦਾ ਅਹਿਸਾਸ ਦਿੰਦਾ ਹੈ। ਗੱਡੀ ‘ਚ ਬੈਠ ਸਫਰ ਤੈਅ ਕਰਦੇ ਹੋਏ ਅਕਸਰ ਬਾਹਰ ਨੂੰ ਜਦ ਝਾਤੀ ਮਾਰਦੀ ਹਾਂ ਤਾਂ ਫੁੱਲ਼ਾਂ-ਫਲ਼ਾਂ ਵੱਲ ਨਜ਼ਰ ਜਾ ਟਿਕਦੀ ਹੈ ਅਤੇ ਉਨ੍ਹਾਂ ਵੱਲ ਵੇਖਦੇ ਹੀ ਮੈਂ ਵੀ ਖਿੜ ਉੱਠਦੀ ਹਾਂ।

ਏਸੇ ਤਰ੍ਹਾਂ ਇਕ ਦਿਨ ਨੇੜਲੇ ਰਿਹਾਇਸ਼ੀ ਇਲਾਕੇ ‘ਚੋਂ ਲੰਘਦੇ ਹੋਏ ਕਿਸੇ ਘਰ ਦੇ ਮੂਹਰਲੇ ਬਗ਼ੀਚੇ ‘ਚ ਲੱਗੇ ਹੋਏ ਪਪੀਤੇ ਦੇ ਰੁੱਖ ਵੱਲ ਨਜ਼ਰ ਜਾ ਟਿਕੀ। ਉਹਦੇ ‘ਤੇ ਪਪੀਤੇ ਦੇ ਦੋ-ਤਿਨ ਫਲ਼ ਪਕਣ ਦੀ ਤਿਆਰੀ ‘ਚ ਲੱਗਦੇ ਸਨ ਜਿਸ ਕਾਰਣ ਉਹਦੀ ਸਾਂਭ ਕਰਨ ਵਾਲੇ ਘਰ ਦੇ ਮਾਲਕਾਂ ਨੇ ਉਹਨਾਂ ਪਪੀਤੇ ਦੇ ਫਲ਼ਾਂ ਨੂੰ ਇਕ ਕੱਪੜੇ ਨਾਲ ਬੱਝਿਆ ਹੋਇਆ ਸੀ। ਜਦ ਮੈਂ ਆਪਣੇ ਮੰਮੀ ਨੂੰ ਦੱਸਿਆ ਕਿ ਏਦਾਂ ਉਨ੍ਹਾਂ ਨੂੰ ਬੰਨਿਆਂ ਹੋਇਆ, ਤਾਂ ਕਹਿਣ ਲੱਗੇ ਕਿ ਜਦੋਂ ਫਲ਼ ਪਕਣ ਦੇ ਨਜ਼ਦੀਕ ਹੁੰਦਾ ਏ ਫਿਰ ਹਮਲਾਵਰ (ਬਿਮਾਰੀ, ਕੀੜਾ, ਆਦਿ) ਵੀ ਬਹੁਤ ਆਉਂਦੇ ਹਨ।

ਇਹ ਸੁਣਦੇ ਹੀ ਮਨ ਨੇ ਖਿਆਲ ਕੀਤਾ ਕਿ ਸਾਡੇ ਨਾਲ ਵੀ ਤਾਂ ਇਹੋ ਵਰਤਾਰਾ ਹੈ, ਜੇ ਫਰਕ ਹੈ ਤਾਂ ਹਮਲਾਵਰ ਅਤੇ ਉਹਨਾਂ ਦੇ ਹਮਲੇ ਦੇ ਤਰੀਕਿਆਂ ਵਿਚ। ਜਿਵੇਂ ਕਿ ਜਦੋਂ ਵੀ ਮਨੁੱਖ ਨੂੰ ਆਪਣੇ ਮਿੱਥੇ ਟੀਚੇ ਤੇ ਪਹੁੰਚਣ ਲਈ ਕੁਝ ਕਦਮ ਹੀ ਹੋਰ ਪੁੱਟਣੇ ਹੁੰਦੇ ਹਨ ਤਾਂ ਬਹੁਤ ਹੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਸਫਲਤਾ ਦੀ ਸਿਖਰ ਤੋਂ ਪਹਿਲਾਂ, ਰੁੜ੍ਹਦੇ-ਰੁਲ਼ਦੇ ਪੱਥਰ ਬਣਨਾ ਪੈਂਦਾ ਹੈ। ਸਾਨੂੰ ਦਬਾਉਣ-ਕੁਚਲਣ ਲਈ, ਰਾਹ ਤੋਂ ਪਾਸੇ ਕਰਨ ਲਈ, ਢਾਹ ਲਾਉਣ ਲਈ ਬਹੁਤ ਕੁਝ ਹੋਵੇਗਾ ਤਾਂ ਜੋ ਅਸੀਂ ਡੋਲ ਜਾਈਏ। ਪਰ ਇਹ ਤਾਂ ਬਸ ਪਰਚਾ ਹੁੰਦਾ ਏ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਮੈਂ ਗਿਆਰ੍ਹਵੀਂ ਜਮਾਤ ‘ਚ ਸਾਇੰਸ ਲਈ ਸੀ ਤਾਂ ਸਾਡੇ ਅਧਿਆਪਕਾਂ ਨੇ ਸੁਚੇਤ ਕੀਤਾ ਕਿ ਜਾਣ-ਬੁਝ ਕੇ ਹੱਥ ਖਿੱਚ ਕੇ ਨੰਬਰ ਦਿੱਤੇ ਜਾਂਦੇ ਤਾਂ ਜੋ ਡੋਲਣ ਵਾਲਾ ਹੁਣੇ ਹੀ ਸਾਇੰਸ ਛੱਡ ਆਰਟਸ ਚੁਣ ਲਵੇ ਅਤੇ ਏਸੇ ਤਰ੍ਹਾਂ ਛਾਂਟੀ ਹੋ ਜਾਵੇਗੀ। 

ਇੰਝ ਹੀ ਸਾਡੀ ਆਤਮਕ ਤਰੱਕੀ ਦੇ ਮਾਰਗ ਵਿਚ ਵੀ ਅਨੇਕਾਂ ਰੁਕਾਵਟਾਂ ਆਉਂਦੀਆਂ ਹਨ। ਪੰਜ ਵਿਕਾਰ ਸਾਨੂੰ ਆ ਘੇਰਦੇ ਹਨ ਅਤੇ ਪਰਮਾਤਮਾ ਤੋਂ ਦੂਰ ਕਰ ਦਿੰਦੇ ਹਨ।

ਸੋ ਸਾਨੂੰ ਆਪਣੀ ਕਿਸੇ ਵੀ ਤਰੀਕੇ ਦੀ ਤਰੱਕੀ ਲਈ, ਕਿਸੇ ਵੀ ਪਰਕਾਰ ਦੀ ਪ੍ਰਾਪਤੀ ਲਈ ਇਕ ਦ੍ਰਿੜ ਨਿਸ਼ਚੇ ਦੀ ਲੋੜ ਹੈ ਤਾਂ ਜੋ ਕੋਈ ਵੀ ਕੁਝ ਵੀ ਰੁਕਾਵਟ ਨਾ ਬਣੇ ਅਤੇ ਜੇ ਬਣਨ ਦੀ ਕੋਸ਼ਿਸ਼ ਕਰੇ ਵੀ ਤਾਂ ਸਾਡੇ ‘ਚ ਇਤਨੀ ਦ੍ਰਿੜਤਾ ਹੋਵੇ ਕਿ ਢਾਹ ਲਾਉਣ ਵਾਲੇ ਨੂੰ ਆਪ ਹੀ ਪਿਛਾਂਹ ਨੂੰ ਕਦਮ ਪੁੱਟਣਾ ਪਵੇ।

ਮੇਰੇ ਨਾਨਾ ਜੀ ਨੂੰ ਮੈਂ ਜਦ ਵੀ ਮਿਲਦੀ ਹਾਂ, ਤਾਂ ਉਹ ਪੱਕਾ ਹੀ ਮੈਨੂੰ ਹੇਠ ਲਿਖੇ ਸ਼ਬਦ ਬੋਲਦੇ ਹਨ ਜੋ ਕਿ ਕਿਸੇ ਨੂੰ ਵੀ ਚੜ੍ਹਦੀਕਲਾ ਪ੍ਰਦਾਨ ਕਰ ਸਕਦੇ ਹਨ:-

ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥

ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾ ਤਾ (ਜ਼ਰਾ) ਨਾ ਡਰਾ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾ।

I may not fear the enemy, when I go to fight and assuredly I may become victorious.

ਇਹ ਜ਼ਿੰਦਗੀ ਸਾਡੀ ਰਣਭੂਮੀ ਹੈ ਅਤੇ ਸਾਡੇ ਹਮਲਾਵਰ ਵੀ ਹਰ ਵਕਤ ਸਾਡੇ ਆਸ-ਪਾਸ ਹੀ ਹੁੰਦੇ ਹਨ। ਦੇਖਿਆ ਜਾਵੇ ਤਾਂ ਅਸੀ ਆਪ ਹੀ ਆਪਣੇ ਦੁਸ਼ਮਣ ਵੀ ਹਾਂ ਅਤੇ ਮਿੱਤਰ ਵੀ। ਜੇ ਆਪਣੇ ਅੰਦਰ ਦਾ ਦੁਸ਼ਮਣ ਜਾਗੇ ਤਾਂ ਪਰਮਾਤਮਾ ਅੱਗੇ ਅਰਦਾਸ ਕਰਕੇ ਅਤੇ ਉਪਰੋਕਤ ਪੰਕਤੀ ਨੂੰ ਯਾਦ ਅਤੇ ਦ੍ਰਿੜ ਨਿਸ਼ਚਾ ਕਰਕੇ ਜਿੱਤਣ ਲਈ ਸਦਾ ਤਤਪਰ ਰਹਿਣਾ।

ਪ੍ਰਮਾਤਮਾ ਸਾਨੂ ਸਾਰਿਆਂ ਨੂੰ ਹੀ ਐਸਾ ਨਿਸਚਾ ਪ੍ਰਦਾਨ ਕਰੇ ਤਾਂ ਜੋ ਜ਼ਿੰਦਗੀ ਦੇ ਹਰ ਪਹਿਲੂ ਵਿਚ ਸਹੀ ਮਾਰਗ ਨੂੰ ਚੁਣੀਏ ਅਤੇ ਉਸ ਤੇ ਚਲ ਸਕੀਏ।

20 June 2021

You may also like...

Leave a Reply

Your email address will not be published. Required fields are marked *